ਰੀਸ ਤੋਂ ਬਚੋ ਤੇ ਖੁਸ਼ ਰਹੋ,

         ਸਾਹਮਣੇ ਖਾਲੀ ਪਲਾਟ ਚ ਕੋਠੀ ਬਣ ਰਹੀ ਸੀ, ਮੈਂ ਗੇਟ ਤੇ ਕੁਰਸੀ ਡਾਹ ਕੇ ਬੈਠਾ ਅਕਸਰ ਵੇਖਦਾ ਸਾਂ ਬੀ ਮਜ਼ਦੂਰਾਂ ਦੇ ਨਿਆਣੇ ਰੋਜ ਇੱਕ ਦੂਜੇ ਦੀ ਕਮੀਜ ਫੜ ਕੇ ਰੇਲ ਗੱਡੀ ਬਣਾ ਕੇ ਖੇਡਦੇ ਰਹਿੰਦੇ ।
         ਇਕ ਅਗਲੇ ਦੀ ਕਮੀਜ ਪਿੱਛਿਓਂ ਫੜਦਾ, ਪਿਛਲਾ ਉਸਦੀ, ਇਸਤਰਾਂ ਕਦੇ ਕੋਈ ਇੰਜਣ ਬਣ ਜਾਂਦਾ, ਕਦੇ ਕੋਈ ਵਿਚਲਾ ਡੱਬਾ, ਸਾਰੇ ਰੋਜ ਵਾਰੀਆਂ ਬਦਲਦੇ ਰਹਿੰਦੇ, ਪਰ ਇਕ ਨਿੱਕਾ ਜਿਹਾ ਜਵਾਕ ਹਮੇਸ਼ਾ ਸਭਤੋਂ ਪਿਛਲਾ ਅਖੀਰਲਾ ਡੱਬਾ ਹੀ ਬਣਦਾ ਸੀ ।
         ਇਕ ਦਿਨ ਅਵਾਜ ਮਾਰ ਕੇ ਕੋਲ ਸੱਦ ਲਿਆ ਤੇ ਪੁੱਛਿਆ, ਵੀਰੇ ਰੋਜ ਰੋਜ ਅਖੀਰਲਾ ਡੱਬਾ ਬਣਨ ਦਾ ਕੀ ਕਾਰਨ ? ਬਾਕੀ ਸਾਰੇ ਤਾਂ ਵਾਰੀ ਬਦਲਦੇ ਰਹਿੰਦੇ ਨੇ ?
         ਸੰਗ ਗਿਆ ਤੇ ਆਖਦਾ, ਜੀ ਮੇਰੇ ਕੋਲੇ ਪਾਉਣ ਲਈ ਕਮੀਜ ਹੈ ਨੀ, ਜੇਕਰ ਇੰਜਣ ਜਾਂ ਵਿਚਕਾਰਲਾ ਡੱਬਾ ਬਣ ਗਿਆ ਤਾਂ ਪਿਛਲਾ ਮੇਰੀ ਕਮੀਜ ਕਿਸਤਰ੍ਹਾਂ ਫੜੇਗਾ ? ਇਨੀ ਗੱਲ ਦਸਦਾ ਹੋਇਆ ਨ ਉਹ ਰੋਇਆ ਤੇ ਨ ਹੀ #ਜਜ਼ਬਾਤੀ ਹੋਇਆ ।
         ਪਰ ਜਿਊਣ ਜੋਗਾ ਜਾਂਦਾ ਜਾਂਦਾ ਮੈਨੂੰ ਜ਼ਰੂਰ ਭਾਵੁਕ ਕਰ ਗਿਆ, ਇਕ ਸਬਕ ਸਿਖਾ ਗਿਆ ਬੀ ਹਰੇਕ ਦੀ ਜ਼ਿੰਦਗੀ ਚ ਕੋਈ ਨ ਕੋਈ ਕਮੀ ਜ਼ਰੂਰ ਰਹਿੰਦੀ ਹੈ, ਸਰਬ ਕਲਾ ਸੰਪੂਰਨ ਕੋਈ ਨਹੀਓ ।